ਚੰਡੀਗੜ੍ਹ ‘ਚ ਖੁੱਲਿਆ ਪਿੰਡਾਂ ਵਾਲਿਆਂ ਦਾ ਮਾਲ ‘ਪਹਿਲ ਮਾਰਟ ‘

ਪੇਂਡੂ ਮਹਿਲਾਵਾਂ ਦੀ ਕਲਾ ਤੇ ਉੱਦਮਤਾ ਨੂੰ ਉਭਾਰਨ ਲਈ “ਪਹਿਲ ਮਾਰਟ” ਦੀ ਸ਼ੁਰੂਆਤ।

ਉਦਘਾਟਨ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕੀਤਾ।

ਮਾਰਟ ਵਿੱਚ ਸਵੈ-ਸਹਾਇਤਾ ਸਮੂਹਾਂ (SHGs) ਵੱਲੋਂ ਤਿਆਰ ਸਮਾਨ ਉਪਲਬਧ:

ਫੁਲਕਾਰੀ, ਸੂਟ, ਜੁੱਤੀਆਂ

ਸ਼ਹਿਦ, ਅਚਾਰ, ਮਸਾਲੇ

ਪਾਪੜ, ਆਟਾ, ਸਾਬਣ, ਮੋਮਬੱਤੀਆਂ ਆਦਿ

ਮਾਰਟ ਦਾ ਮਕਸਦ: ਸਵੈ-ਨਿਰਭਰਤਾ, ਪੇਂਡੂ ਵਿਕਾਸ ਅਤੇ ਮਹਿਲਾ ਸਸ਼ਕਤੀਕਰਨ।

ਸੌਂਦ ਨੇ ਕਿਹਾ – ਇਹ ਪੇਂਡੂ ਔਰਤਾਂ ਦੀ ਰਚਨਾਤਮਕਤਾ ਦਾ ਪ੍ਰਮਾਣ ਹੈ, ਜੋ ਉਨ੍ਹਾਂ ਨੂੰ ਨਵੇਂ ਬਾਜ਼ਾਰਾਂ ਨਾਲ ਜੋੜੇਗਾ।

ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਪੰਜਾਬ ਦੀ ਪੇਂਡੂ ਪ੍ਰਤਿਭਾ ਅਤੇ ਮਹਿਲਾ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਿਵਲ ਸਕੱਤਰੇਤ ਵਿਖੇ “ਪਹਿਲ ਮਾਰਟ” ਦਾ ਉਦਘਾਟਨ

ਚੰਡੀਗੜ੍ਹ, 1 ਅਕਤੂਬਰ: ਪੰਜਾਬ ਦੇ ਪਿੰਡਾਂ ਦੀਆਂ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਅਤੇ ਰਵਾਇਤੀ ਕਲਾ-ਕਾਰੀਗਰੀ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ (ਪੀ.ਐਸ.ਆਰ.ਐਲ.ਐਮ.) ਵੱਲੋਂ ਅੱਜ “ਪਹਿਲ ਮਾਰਟ” ਦੀ ਸ਼ੁਰੂਆਤ ਕੀਤੀ ਗਈ। ਇਹ ਵਿਲੱਖਣ ਮਾਰਟ ਦਿਹਾਤੀ ਖੇਤਰਾਂ ਦੇ ਸਵੈ-ਸਹਾਇਤਾ ਸਮੂਹਾਂ (ਐਸ.ਐਚ.ਜੀ.) ਵੱਲੋਂ ਤਿਆਰ ਕੀਤੀਆਂ ਦਸਤੀ ਵਸਤਾਂ ਅਤੇ ਔਰਗੈਨਿਕ ਉਤਪਾਦਾਂ ਨੂੰ ਸਿੱਧੇ ਖਪਤਕਾਰਾਂ ਤੱਕ ਪਹੁੰਚਾਉਣ ਲਈ ਇੱਕ ਮਹੱਤਵਪੂਰਨ ਮੰਚ ਸਾਬਤ ਹੋਵੇਗਾ।

ਪੰਜਾਬ ਸਿਵਲ ਸਕੱਤਰੇਤ, ਸੈਕਟਰ 1 ਚੰਡੀਗੜ੍ਹ ਵਿਖੇ ਹੋਏ ਇਸ ਉਦਘਾਟਨ ਸਮਾਰੋਹ ਦੀ ਅਗਵਾਈ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕੀਤੀ। ਇਸ ਮੌਕੇ ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ, ਪ੍ਰਬੰਧਕੀ ਸਕੱਤਰ ਅਜੀਤ ਬਾਲਾਜੀ ਜੋਸ਼ੀ ਸਮੇਤ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

“ਪਹਿਲ ਮਾਰਟ” ਰਾਹੀਂ ਜਨਤਾ ਨੂੰ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਪੇਂਡੂ ਪ੍ਰਤਿਭਾ ਨਾਲ ਜਾਣ-ਪਛਾਣ ਕਰਵਾਉਣ ਦੇ ਨਾਲ ਹੀ ਦਿਹਾਤੀ ਔਰਤਾਂ ਦੀ ਕਲਾ, ਉੱਦਮਤਾ ਅਤੇ ਜੈਵਿਕ ਉਤਪਾਦਾਂ ਦੀ ਰੇਂਜ ਦਾ ਅਨੁਭਵ ਕਰਵਾਇਆ ਜਾ ਰਿਹਾ ਹੈ। ਮਾਰਟ ਵਿੱਚ ਫੁਲਕਾਰੀ, ਸੂਟ, ਜੁੱਤੀਆਂ, ਸ਼ਹਿਦ, ਅਚਾਰ, ਸਿਰਕਾ, ਸਕੁਐਸ਼, ਮਸਾਲੇ, ਕਣਕ ਦਾ ਆਟਾ, ਪਾਪੜ, ਸਾਬਣ, ਮੁਰੱਬੇ, ਮੋਮਬੱਤੀਆਂ ਆਦਿ ਸਮਾਨ ਉਪਲਬਧ ਹਨ।

ਸੌਂਦ ਨੇ ਕਿਹਾ ਕਿ ਇਹ ਕਦਮ ਸਵੈ-ਨਿਰਭਰਤਾ, ਪੇਂਡੂ ਵਿਕਾਸ ਅਤੇ ਮਹਿਲਾ ਸਸ਼ਕਤੀਕਰਨ ਵੱਲ ਇੱਕ ਵੱਡੀ ਪਹਲ ਹੈ। ਉਨ੍ਹਾਂ ਦੱਸਿਆ ਕਿ “ਪਹਿਲ ਮਾਰਟ” ਪੇਂਡੂ ਮਹਿਲਾਵਾਂ ਦੇ ਜਜ਼ਬੇ ਅਤੇ ਰਚਨਾਤਮਕਤਾ ਦਾ ਪ੍ਰਮਾਣ ਹੈ, ਜੋ ਉਨ੍ਹਾਂ ਨੂੰ ਨਵੇਂ ਬਾਜ਼ਾਰਾਂ ਤੱਕ ਪਹੁੰਚ ਦੇਵੇਗਾ।

ਇਸ ਮੌਕੇ ਸੰਯੁਕਤ ਵਿਕਾਸ ਕਮਿਸ਼ਨਰ ਸ਼ੇਨਾ ਅਗਰਵਾਲ, ਸੀ.ਈ.ਓ. ਪੀ.ਐਸ.ਆਰ.ਐਲ.ਐਮ. ਵਰਜੀਤ ਵਾਲੀਆ, ਏ.ਸੀ.ਈ.ਓ. ਰੁਪਾਲੀ ਟੰਡਨ ਅਤੇ ਸਕੱਤਰ ਗੌਰੀ ਪਰਾਸ਼ਰ ਜੋਸ਼ੀ ਸਮੇਤ ਕਈ ਅਧਿਕਾਰੀ ਅਤੇ ਸਵੈ-ਸਹਾਇਤਾ ਸਮੂਹਾਂ ਦੀਆਂ ਮੈਂਬਰ ਮੌਜੂਦ ਸਨ।

ਪੀ.ਐਸ.ਆਰ.ਐਲ.ਐਮ. ਵੱਲੋਂ ਕਿਹਾ ਗਿਆ ਕਿ “ਪਹਿਲ ਮਾਰਟ” ਰਾਹੀਂ ਪੇਂਡੂ ਪ੍ਰਤਿਭਾ ਨੂੰ ਵਿਕਸਤ ਕਰਨਾ, ਸਥਾਈ ਆਜੀਵਿਕਾ ਨੂੰ ਸਹਾਇਤਾ ਦੇਣੀ ਅਤੇ ਮਹਿਲਾ ਸਸ਼ਕਤੀਕਰਨ ਨੂੰ ਯਕੀਨੀ ਬਣਾਉਣਾ ਇਸ ਮੁਹਿੰਮ ਦਾ ਮੁੱਖ ਉਦੇਸ਼ ਹੈ।

Leave a Reply

Your email address will not be published. Required fields are marked *