ਚੰਡੀਗੜ੍ਹ: ਏਸ਼ੀਆ ਕੱਪ ਵਿਚ ਵੱਡੀ ਜਿੱਤ ਤੋਂ ਬਾਅਦ ਭਾਰਤ ਦੇ ਟੀ-20 ਕਪਤਾਨ ਸੂਰਿਆਕੁਮਾਰ ਯਾਦਵ ਨੇ ਐਲਾਨ ਕੀਤਾ ਹੈ ਕਿ ਉਹ ਏਸ਼ੀਆ ਕੱਪ 2025 ਟੂਰਨਾਮੈਂਟ ਤੋਂ ਆਪਣੀ ਪੂਰੀ ਮੈਚ ਫੀਸ ਦੇਸ਼ ਦੀਆਂ ਹਥਿਆਰਬੰਦ ਫੌਜਾਂ ਅਤੇ ਪਹਿਲਗਾਮ ਅੱਤਵਾਦੀ ਹਮਲੇ ਦੇ ਪੀੜਤਾਂ ਨੂੰ ਦਾਨ ਕਰਨਗੇ। ਭਾਰਤ ਨੇ ਐਤਵਾਰ ਰਾਤ ਨੂੰ ਇੱਕ ਰੋਮਾਂਚਕ ਫਾਈਨਲ ਵਿੱਚ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਨੌਵੀਂ ਵਾਰ ਏਸ਼ੀਆ ਕੱਪ ਚੈਂਪੀਅਨ ਬਣਨ ਦਾ ਸਨਮਾਨ ਹਾਸਲ ਕੀਤਾ।

ਐਲਾਨ ਨੇ ਜਿੱਤਿਆ ਦਿਲ
ਇਸ ਰੋਮਾਂਚਕ ਜਿੱਤ ਤੋਂ ਬਾਅਦ, 35 ਸਾਲਾ ਸੂਰਿਆਕੁਮਾਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਲਿਖਿਆ, “ਮੈਂ ਇਸ ਟੂਰਨਾਮੈਂਟ ਤੋਂ ਆਪਣੀ ਮੈਚ ਫੀਸ ਸਾਡੀਆਂ ਹਥਿਆਰਬੰਦ ਫੌਜਾਂ ਅਤੇ ਪਹਿਲਗਾਮ ਅੱਤਵਾਦੀ ਹਮਲੇ ਦੇ ਪੀੜਤਾਂ ਦੇ ਪਰਿਵਾਰਾਂ ਦੇ ਸਮਰਥਨ ਲਈ ਦਾਨ ਕਰਨ ਦਾ ਫੈਸਲਾ ਕੀਤਾ ਹੈ। ਤੁਸੀਂ ਹਮੇਸ਼ਾਂ ਮੇਰੇ ਵਿਚਾਰਾਂ ਵਿੱਚ ਰਹੋਗੇ। ਜੈ ਹਿੰਦ।”

ਮੈਚ ਤੋਂ ਬਾਅਦ ਪ੍ਰੈਸ ਕਾਨਫਰੰਸ ਦੌਰਾਨ ਸੂਰਿਆਕੁਮਾਰ ਯਾਦਵ ਨੇ ਕਿਹਾ ਕਿ ਇਹ ਜਿੱਤ ਭਾਰਤੀ ਫੌਜ ਨੂੰ ਸਮਰਪਿਤ ਹੈ। ਭਾਰਤ ਦੇ ਟੀ-20 ਖਿਡਾਰੀ ਪ੍ਰਤੀ ਮੈਚ ਲਗਭਗ ₹4 ਲੱਖ ਕਮਾਉਂਦੇ ਹਨ। ਏਸ਼ੀਆ ਕੱਪ 2025 ਵਿੱਚ ਸੱਤ ਮੈਚਾਂ ਦੇ ਨਾਲ, ਸੂਰਿਆਕੁਮਾਰ ਯਾਦਵ ਹਥਿਆਰਬੰਦ ਸੈਨਾਵਾਂ ਅਤੇ ਪਹਿਲਗਾਮ ਪੀੜਤਾਂ ਨੂੰ ਕਰੀਬ ₹28 ਲੱਖ ਦਾਨ ਕਰਨਗੇ।
ਸੂਰਿਆਕੁਮਾਰ ਦੇ ਇਸ ਐਲਾਨ ਤੋਂ ਬਾਅਦ, ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਪ੍ਰਸ਼ੰਸਾ ਕਰਦੇ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ‘ਤੇ ਵੀ ਲੋਕ ਤਾਰੀਫਾਂ ਦੇ ਪੁਲ ਬੰਨ੍ਹ ਰਹੇ ਹਨ।
Leave a Reply