ਭਾਰਤੀ ਕ੍ਰਿਕਟ ਟੀਮ ਨੇ ਵੈਸਟਇੰਡੀਜ਼ ਖ਼ਿਲਾਫ਼ ਦੋ ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਮੁਕਾਬਲੇ ਵਿੱਚ ਸ਼ਾਨਦਾਰ ਜਿੱਤ ਦਰਜ ਕਰਕੇ ਲੜੀ ਵਿੱਚ 1-0 ਦੀ ਬਰਤਰੀ ਹਾਸਲ ਕਰ ਲਈ ਹੈ। ਅਹਿਮਦਾਬਾਦ ਵਿੱਚ ਖੇਡੇ ਗਏ ਟੈਸਟ ਮੈਚ ਦੇ ਤੀਜੇ ਦਿਨ ਹੀ ਵੈਸਟਇੰਡੀਜ਼ ਦੀ ਟੀਮ ਇਕ ਪਾਰੀ ਅਤੇ 140 ਦੌੜਾਂ ਨਾਲ ਹਾਰ ਗਈ। ਇਹ ਵੈਸਟਇੰਡੀਜ਼ ਵਿਰੁੱਧ ਭਾਰਤ ਦੀ ਤੀਜੀ ਸਭ ਤੋਂ ਵੱਡੀ ਜਿੱਤ ਮੰਨੀ ਜਾ ਰਹੀ ਹੈ।
ਪਹਿਲੀ ਪਾਰੀ ਵਿੱਚ ਸਿਰਫ਼ 162 ਦੌੜਾਂ ‘ਤੇ ਢੇਰ ਹੋਈ ਵੈਸਟਇੰਡੀਜ਼ ਨੇ ਭਾਰਤ ਅੱਗੇ ਵੱਡੀ ਲੀਡ ਦਿੱਤੀ। ਟੀਮ ਇੰਡੀਆ ਨੇ ਜਵਾਬੀ ਪਾਰੀ ‘ਚ 5 ਵਿਕਟਾਂ ‘ਤੇ 448 ਦੌੜਾਂ ਬਣਾਕੇ ਆਪਣੀ ਪਾਰੀ ਐਲਾਨ ਦਿੱਤੀ। ਇਸ ਨਾਲ ਮੇਜ਼ਬਾਨ ਟੀਮ ਨੂੰ 286 ਦੌੜਾਂ ਦੀ ਵੱਡੀ ਲੀਡ ਮਿਲੀ। ਦੂਜੀ ਪਾਰੀ ਵਿੱਚ ਵੀ ਵੈਸਟਇੰਡੀਜ਼ ਦੇ ਬੱਲੇਬਾਜ਼ ਤਾਸ਼ ਦੇ ਪੱਤਿਆਂ ਵਾਂਗ ਬਿਖਰ ਗਏ ਅਤੇ ਪੂਰੀ ਟੀਮ 146 ਦੌੜਾਂ ‘ਤੇ ਢੇਰ ਹੋ ਗਈ।
ਦੂਜੀ ਪਾਰੀ ਵਿੱਚ ਵੈਸਟਇੰਡੀਜ਼ ਦੇ ਸਿਰਫ਼ ਤਿੰਨ ਬੱਲੇਬਾਜ਼ ਹੀ 20 ਤੋਂ ਵੱਧ ਦੌੜਾਂ ਬਣਾ ਸਕੇ। ਅਥਾਂਜੇ ਨੇ 38, ਗ੍ਰੇਵਜ਼ ਨੇ 25 ਤੇ ਸੀਲਸ ਨੇ 22 ਦੌੜਾਂ ਜੋੜੀਆਂ। ਹੋਰ ਕੋਈ ਵੀ ਖਿਡਾਰੀ ਭਾਰਤੀ ਗੇਂਦਬਾਜ਼ਾਂ ਦਾ ਸਾਹਮਣਾ ਨਹੀਂ ਕਰ ਸਕਿਆ।
ਭਾਰਤ ਲਈ ਰਵਿੰਦਰ ਜਡੇਜਾ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਚਾਰ ਵਿਕਟਾਂ ਲਈਆਂ। ਮੁਹੰਮਦ ਸਿਰਾਜ ਨੇ ਤਿੰਨ, ਕੁਲਦੀਪ ਯਾਦਵ ਨੇ ਦੋ ਤੇ ਵਾਸ਼ਿੰਗਟਨ ਸੁੰਦਰ ਨੇ ਇੱਕ ਵਿਕਟ ਹਾਸਲ ਕੀਤੀ। ਵੈਸਟਇੰਡੀਜ਼ ਦੇ ਕਿਸੇ ਵੀ ਬੱਲੇਬਾਜ਼ ਨੇ ਦੋਵੇਂ ਪਾਰੀਆਂ ਵਿੱਚ ਅਰਧ ਸੈਂਕੜਾ ਨਹੀਂ ਲਗਾ ਸਕਿਆ।
ਇਸ ਜਿੱਤ ਨਾਲ ਭਾਰਤ ਨੇ ਦੋ ਟੈਸਟ ਮੈਚਾਂ ਦੀ ਲੜੀ ਵਿੱਚ 1-0 ਦੀ ਲੀਡ ਹਾਸਲ ਕਰ ਲਈ ਹੈ। ਹੁਣ ਲੜੀ ਦਾ ਦੂਜਾ ਅਤੇ ਫੈਸਲਾਕੁੰਨ ਟੈਸਟ 10 ਅਕਤੂਬਰ ਤੋਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ।
Leave a Reply