ਦੁਬਈ: ਗੁਰੂ ਨਾਨਕ ਦਰਬਾਰ, ਦੁਬਈ (UAE) ਸਿਰਫ਼ ਇਕ ਧਾਰਮਿਕ ਥਾਂ ਹੀ ਨਹੀਂ, ਸਗੋਂ ਖੂਬਸੂਰਤੀ ਅਤੇ ਭਾਈਚਾਰੇ ਦੀ ਸੇਵਾ ਭਾਵਨਾ ਦਾ ਇਕ ਸ਼ਾਨਦਾਰ ਪ੍ਰਤੀਕ ਹੈ। ਦੁਬਈ ਹਕੂਮਤ ਦੀ ਮਨਜ਼ੂਰੀ ਤੋਂ ਬਾਅਦ ਭਾਰਤੀ ਭਾਈਚਾਰੇ ਵੱਲੋਂ ਲਗਭਗ 100 ਮਿਲੀਅਨ ਦਿਰਹਾਮ (200 ਕਰੋੜ ਰੁਪਏ) ਦੀ ਲਾਗਤ ਨਾਲ ਇਹ ਵਿਸ਼ਾਲ ਗੁਰੂਦੁਆਰਾ ਸਾਹਿਬ ਬਣਾਇਆ ਗਿਆ ਹੈ।

ਗੁਰੂ ਨਾਨਕ ਦਰਬਾਰ ਕਰੀਬ 25,400 ਵਰਗ ਫੁੱਟ ‘ਚ ਫੈਲਿਆ ਹੋਇਆ ਹੈ ਅਤੇ 3000 ਸੰਗਤ ਲਈ ਬਿਨਾਂ ਕਿਸੇ ਬੁਰਜੀ ਵਾਲਾ ਹਾਲ ਇਸਦੀ ਵਿਲੱਖਣ ਵਿਸ਼ੇਸ਼ਤਾ ਹੈ। ਸਵੇਰੇ 4:30 ਵਜੇ ਤੋਂ ਰਾਤ 10 ਵਜੇ ਤੱਕ ਇਹ ਗੁਰੂਦੁਆਰਾ ਸਾਹਿਬ ਸੰਗਤ ਲਈ ਖੁੱਲ੍ਹਾ ਰਹਿੰਦਾ ਹੈ। ਹਰ ਰੋਜ਼ 1500 ਤੋਂ ਵੱਧ ਸ਼ਰਧਾਲੂ ਇਥੇ ਦਰਸ਼ਨ ਕਰਦੇ ਹਨ ਜਦਕਿ ਛੁੱਟੀ ਵਾਲੇ ਦਿਨ ਇਹ ਗਿਣਤੀ 15,000 ਤੋਂ ਵੱਧ ਹੋ ਜਾਂਦੀ ਹੈ। ਗੁਰਪੁਰਬ ਮੌਕਿਆਂ ‘ਤੇ 50-60 ਹਜ਼ਾਰ ਸ਼ਰਧਾਲੂ ਗੁਰੂ ਘਰ ਨਤਮਸਤਕ ਹੁੰਦੇ ਹਨ।
ਇਸ ਗੁਰੂਦੁਆਰੇ ਦੀ ਸਭ ਤੋਂ ਵੱਡੀ ਖਾਸੀਅਤ ਇਸਦਾ ਬੇਮਿਸਾਲ ਲੰਗਰ ਹਾਲ ਹੈ, ਜਿੱਥੇ ਇੱਕੋ ਵੇਲੇ 50,000 ਸੰਗਤ ਲਈ ਲੰਗਰ ਤਿਆਰ ਕਰਨ ਦੀ ਸਮਰੱਥਾ ਹੈ। ਇਥੇ ਹਰ ਧਰਮ ਦੇ ਲੋਕ ਇਕੱਠੇ ਬੈਠ ਕੇ ਲੰਗਰ ਛਕਦੇ ਹਨ। 2016 ‘ਚ 101 ਮੁਲਕਾਂ ਤੋਂ ਆਈ ਸੰਗਤ ਨੇ ਇਕੱਠੇ ਲੰਗਰ ਛਕ ਕੇ ਗਿਨੀਜ਼ ਬੁੱਕ ਆਫ ਰਿਕਾਰਡ ‘ਚ ਦਰਜ ਹਾਸਲ ਕੀਤਾ।
ਗੁਰੂਦੁਆਰਾ ਸਾਹਿਬ ਦੇ ਚੈਅਰਮੈਨ ਸੁਰਿੰਦਰ ਸਿੰਘ ਕੰਧਾਰੀ ਦਾ ਕਹਿਣਾ ਹੈ ਕਿ, “ਸਾਡੀ ਕੋਸ਼ਿਸ਼ ਰਹੀ ਹੈ ਕਿ ਇਹ ਥਾਂ ਸਿਰਫ਼ ਸਿੱਖਾਂ ਲਈ ਨਹੀਂ ਸਗੋਂ ਹਰ ਧਰਮ ਦੇ ਲੋਕਾਂ ਲਈ ਸ਼ਾਂਤੀ ਅਤੇ ਭਾਈਚਾਰੇ ਦਾ ਪ੍ਰਤੀਕ ਬਣੇ। ਇਥੇ ਮੁਸਲਿਮ ਭਾਈਚਾਰੇ ਲਈ ਹਰ ਸਾਲ ਇਫਤਾਰ ਪਾਰਟੀ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ।”
ਇਸ ਗੁਰੂਦੁਆਰਾ ਸਾਹਿਬ ਨੇ 7 ਸਾਲਾਂ ਵਿੱਚ 7 ਮਿਲੀਅਨ ਤੋਂ ਵੱਧ ਸ਼ਰਧਾਲੂਆਂ ਨੂੰ ਆਪਣੇ ਚਰਨਾਂ ਵਿੱਚ ਨਤਮਸਤਕ ਹੋਣ ਦਾ ਮੌਕਾ ਦਿੱਤਾ ਹੈ। ਦੁਬਈ ਦਾ ਇਹ ਗੁਰੂਦੁਆਰਾ ਸਾਹਿਬ ਨਾ ਸਿਰਫ਼ ਆਪਣੀ ਸ਼ਾਨਦਾਰ ਬਣਾਵਟ ਲਈ ਮਸ਼ਹੂਰ ਹੈ ਸਗੋਂ ਭਾਈਚਾਰੇ ਨੂੰ ਜੋੜਨ ਵਾਲਾ ਇੱਕ ਆਧਿਆਤਮਿਕ ਕੇਂਦਰ ਬਣ ਚੁੱਕਾ ਹੈ।
Leave a Reply