ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਾਬਕਾ ਕ੍ਰਿਕਟਰ ਅਤੇ ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ’ਤੇ ਤੀਖ਼ਾ ਤੰਜ਼ ਕੱਸਿਆ। ਉਨ੍ਹਾਂ ਕਿਹਾ ਕਿ “ਸਿੱਧੂ ਦਾ ਪਤਾ ਹੀ ਨਹੀਂ ਲੱਗਦਾ ਕਦੋਂ ਰਾਜਨੀਤੀ ਛੱਡ ਗਏ ਤੇ ਕਦੋਂ ਵਾਪਸ ਆ ਗਏ। ਇਹ ਕੋਈ 9 ਤੋਂ 5 ਵਾਲੀ ਨੌਕਰੀ ਨਹੀਂ ਕਿ ਜਦੋਂ ਮਰਜ਼ੀ ਆਓ ਤੇ ਜਾਓ। ਇਹ ਪੰਜਾਬ ਹੈ, ਇੱਥੇ ਲੋਕਾਂ ਵਿਚ ਰਹਿ ਕੇ ਸੇਵਾ ਕਰਨ ਨਾਲ ਹੀ ਕਾਮਯਾਬੀ ਮਿਲਦੀ ਹੈ।”
ਮਾਨ ਨੇ ਕਿਹਾ ਕਿ “ਹੁਣ ਚਾਰ ਸਾਲ ਬਾਅਦ ਆ ਕੇ ਕਹਿੰਦੇ ਹਨ ਕਿ ਮੇਰੇ ਕੋਲ ਪੰਜਾਬ ਦਾ ਏਜੰਡਾ ਹੈ। ਪਿਛਲੇ ਚਾਰ ਸਾਲਾਂ ਵਿਚ ਤਾਂ ਉਨ੍ਹਾਂ ਦੇ ਏਜੰਡੇ ਨੂੰ ਸਿਉਂਕ ਖਾਂਦੀ ਰਹੀ ਤੇ ਚੂਹੇ ਟੁੱਕਦੇ ਰਹੇ। ਹੁਣ ਚੋਣਾਂ ਨੇੜੇ ਆ ਕੇ ਫਿਰ ਵੋਟਾਂ ਲਈ ਪੰਜਾਬ ਦੀ ਗੱਲ ਕਰਦੇ ਹਨ।”
ਮਾਨ ਨੇ ਤਿੱਖੇ ਸ਼ਬਦਾਂ ’ਚ ਕਿਹਾ ਕਿ “ਨਵਜੋਤ ਸਿੱਧੂ ਵਿਆਹਾਂ ’ਚ ਦਿੱਤੇ ਹੋਏ ਸੂਟਾਂ ਵਰਗਾ ਹੈ, ਜਿਸ ਨੂੰ ਨਾ ਕੋਈ ਸਵਾਉਂਦਾ ਹੈ ਤੇ ਨਾ ਕੋਈ ਪਾਉਂਦਾ ਹੈ। ਕਦੇ ਇੱਕ ਪਾਸੇ ਤੁਰ ਜਾਂਦੇ ਹਨ, ਕਦੇ ਦੂਜੇ ਪਾਸੇ ਕੱਢੇ ਜਾਂਦੇ ਹਨ। ਉਹ ਕਦੇ ਟੀਵੀ ਵੱਲ ਚਲੇ ਜਾਂਦੇ ਹਨ ਤੇ ਕਹਿੰਦੇ ਹਨ ਕਿ ਮੇਰੀ ਮਜਬੂਰੀ ਹੈ। ਅਸੀਂ ਤਾਂ ਕਹਿੰਦੇ ਹਾਂ — ਕਰੋੜਾਂ ਰੁਪਏ ਕਮਾਓ ਜਾਂ ਲੋਕਾਂ ਦੀ ਸੇਵਾ ਕਰੋ।”
ਮੁੱਖ ਮੰਤਰੀ ਦਾ ਇਹ ਬਿਆਨ ਪੰਜਾਬ ਦੀ ਰਾਜਨੀਤੀ ਵਿਚ ਨਵੀਂ ਗਰਮੀ ਲਿਆ ਰਿਹਾ ਹੈ, ਖ਼ਾਸਕਰ ਜਦੋਂ ਚੋਣਾਂ ਦੇ ਸਿਆਸੀ ਮਾਹੌਲ ਨੇ ਗਤੀ ਫੜੀ ਹੋਈ ਹੈ।
Leave a Reply