ਜਸੂਸ ਦੇ ਆਪ੍ਰੇਸ਼ਨ ਸਿੰਦੂਰ ਨਾਲ ਜੁੜੇ ਤਾਰ, ਮਹਿਲਾ ਹੈਂਡਲਰ ਨੇ ਹਨੀਟ੍ਰੇਪ ਰਾਹੀਂ ਫਸਾਇਆ, ਹੁਣ ਪਹੁੰਚਾਇਆ ਸਲਾਖਾਂ ਪਿਛੇ।
ਅਲਵਰ: ਰਾਜਸਥਾਨ ਦੇ ਅਲਵਰ ਜ਼ਿਲ੍ਹੇ ਤੋਂ ਇੱਕ ਵੱਡਾ ਖੁਲਾਸਾ ਸਾਹਮਣੇ ਆਇਆ ਹੈ। ਰਾਜਸਥਾਨ ਇੰਟੈਲੀਜੈਂਸ ਨੇ ਆਪ੍ਰੇਸ਼ਨ ਸਿੰਦੂਰ ਦੌਰਾਨ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਮੰਗਤ ਸਿੰਘ ਨਾਮਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਏਜੰਸੀ ਨੇ ਉਸ ਖਿਲਾਫ਼ ਗੁਪਤ ਸੂਚਨਾ ਐਕਟ 1923 ਤਹਿਤ ਕਾਰਵਾਈ ਕੀਤੀ ਹੈ।
ਜਾਂਚ ਵਿੱਚ ਪਤਾ ਲੱਗਾ ਹੈ ਕਿ ਮੰਗਤ ਸਿੰਘ ਨੂੰ ਇੱਕ ਪਾਕਿਸਤਾਨੀ ਮਹਿਲਾ ਹੈਂਡਲਰ ਨੇ ਸੋਸ਼ਲ ਮੀਡੀਆ ਰਾਹੀਂ ਹਨੀਟ੍ਰੇਪ ਕਰਕੇ ਆਪਣੇ ਜਾਲ ਵਿੱਚ ਫਸਾਇਆ ਅਤੇ ਫਿਰ ਪੈਸੇ ਦੇ ਲਾਲਚ ‘ਚ ਉਸ ਨੇ ਅਲਵਰ ਆਰਮੀ ਛਾਉਣੀ ਅਤੇ ਹੋਰ ਰਣਨੀਤਕ ਸਥਾਨਾਂ ਨਾਲ ਸੰਬੰਧਤ ਗੁਪਤ ਜਾਣਕਾਰੀ ਸਾਂਝੀ ਕਰਨੀ ਸ਼ੁਰੂ ਕਰ ਦਿੱਤੀ।
ਇੰਟੈਲੀਜੈਂਸ ਅਧਿਕਾਰੀਆਂ ਅਨੁਸਾਰ, ਮੰਗਤ ਸਿੰਘ ਪਿਛਲੇ ਦੋ ਸਾਲਾਂ ਤੋਂ ਪਾਕਿਸਤਾਨੀ ਨੰਬਰਾਂ ਨਾਲ ਸੰਪਰਕ ‘ਚ ਸੀ ਅਤੇ ਨਿਯਮਿਤ ਤੌਰ ‘ਤੇ ਤਸਵੀਰਾਂ ਤੇ ਜਾਣਕਾਰੀ ਭੇਜ ਰਿਹਾ ਸੀ।
ਆਈਜੀ (ਸੀਆਈਡੀ-ਇੰਟੈਲੀਜੈਂਸ) ਡਾ. ਵਿਸ਼ਨੂੰਕਾਂਤ ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਰਾਜਸਥਾਨ ਇੰਟੈਲੀਜੈਂਸ ਨੇ ਰਣਨੀਤਕ ਖੇਤਰਾਂ ‘ਤੇ ਨੇੜਿਓਂ ਨਿਗਰਾਨੀ ਰੱਖੀ ਹੋਈ ਹੈ ਅਤੇ ਇਸ ਦੌਰਾਨ ਮੰਗਤ ਸਿੰਘ ਦੀਆਂ ਸ਼ੱਕੀ ਗਤੀਵਿਧੀਆਂ ਸਾਹਮਣੇ ਆਈਆਂ।
ਦੋਸ਼ੀ ਨੂੰ ਸ਼ਨੀਵਾਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਜਾਵੇਗਾ, ਜਿਸ ਦੌਰਾਨ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਭਾਰਤੀ ਏਜੰਸੀਆਂ ਵੱਲੋਂ ਕਈ ਹੋਰ ਲੋਕ ਵੀ ਕਾਬੂ ਕੀਤੇ ਗਏ ਹਨ ਜਿੰਨ੍ਹਾਂ ਦੇ ਤਾਰ ਪਾਕਿਸਤਾਨ ਨਾਲ ਜੁੜੇ ਪਾਏ ਗਏ ਹਨ — ਇਨ੍ਹਾਂ ਵਿੱਚ ਹਰਿਆਣਾ ਦੀ ਵਲੋਗਰ ਜੋਤੀ ਮਲਹੋਤਰਾ, ਪੰਜਾਬ ਦਾ ਵਲੋਗਰ ਜਸਬੀਰ ਸਿੰਘ ਸਮੇਤ ਕਈ ਹੋਰ ਨੌਜਵਾਨ ਸ਼ਾਮਲ ਹਨ।
Leave a Reply