ਅੰਮ੍ਰਿਤਸਰ: ਧੰਨ ਧੰਨ ਸਤਿਗੁਰੂ ਰਾਮਦਾਸ ਜੀ ਮਹਾਰਾਜ, ਸੋਢੀ ਸੁਲਤਾਨ ਚੌਥੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ’ਤੇ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਸ੍ਰੀ ਅੰਮ੍ਰਿਤਸਰ ਸਾਹਿਬ, ਜਿਸ ਦੀ ਰਚਨਾ ਆਪ ਜੀ ਦੇ ਪਵਿੱਤਰ ਚਰਨਾਂ ਨਾਲ ਹੋਈ, ਅੱਜ ਸਚਮੁੱਚ ਰੋਸ਼ਨੀ ਅਤੇ ਭਗਤੀ ਦੇ ਰੰਗਾਂ ਵਿੱਚ ਰੰਗਿਆ ਹੋਇਆ ਹੈ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ‘ਸ੍ਰੀ ਅਕਾਲ ਤਖਤ ਸਾਹਿਬ ਤੋਂ ਅੱਜ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਮਹਾਨ ਨਗਰ ਕੀਰਤਨ ਦੀ ਸ਼ੁਰੂਆਤ ਹੋਈ, ਜੋ ਸ਼ਹਿਰ ਦੇ ਹਰ ਦਰਵਾਜ਼ੇ ਅਤੇ ਪ੍ਰਾਚੀਨ ਮਾਰਗਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਵਾਪਸ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੁਖਮਨ ਹੋਵੇਗਾ। ਸੰਗਤਾਂ ਵੱਲੋਂ ਵੱਡੇ ਉਤਸ਼ਾਹ ਨਾਲ ਨਗਰ ਕੀਰਤਨ ਦਾ ਸਵਾਗਤ ਕੀਤਾ ਜਾ ਰਿਹਾ ਹੈ। ਹਰ ਇੱਕ ਮਾਰਗ ’ਤੇ ਫੁੱਲਾਂ ਦੀ ਸਜਾਵਟ, ਰੋਸ਼ਨੀ ਦੀਆਂ ਲੜੀਆਂ ਅਤੇ ਪਿਆਰ ਭਰੀ ਸੇਵਾ ਦੇ ਦਰਸ਼ਨ ਹੋ ਰਹੇ ਹਨ।
ਸ਼ਹਿਰ ਦੇ ਹਰ ਇੱਕ ਗੁਰਦੁਆਰਾ ਸਾਹਿਬ ਨੂੰ ਫੁੱਲਾਂ ਤੇ ਰੌਸ਼ਨੀ ਨਾਲ ਬੜੀ ਮਨਮੋਹਕ ਤਰੀਕੇ ਨਾਲ ਸਜਾਇਆ ਗਿਆ ਹੈ। ਇਸ ਵਾਰ ਵਿਸ਼ੇਸ਼ ਤੌਰ ’ਤੇ ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ। ਪਹਿਲਾਂ ਕਾਗਜ਼ ਦੇ ਫੁੱਲ ਵਰਤੇ ਜਾਂਦੇ ਸਨ ਪਰ ਹੁਣ ਸੰਗਤ ਦੀ ਇੱਛਾ ਅਨੁਸਾਰ ਤਾਜ਼ੇ ਫੁੱਲਾਂ ਨਾਲ ਵਰਖਾ ਕੀਤੀ ਜਾ ਰਹੀ ਹੈ। ਇਹ ਵਿਲੱਖਣ ਦਰਸ਼ ਅੰਮ੍ਰਿਤਸਰ ਦੇ ਆਸਮਾਨ ’ਚ ਗੁਰਸੰਗਤਾਂ ਦੇ ਪ੍ਰੇਮ ਦਾ ਪ੍ਰਤੀਕ ਬਣ ਰਹੇ ਹਨ। ਭਲਕੇ 8 ਅਕਤੂਬਰ ਨੂੰ ਅੰਮ੍ਰਿਤ ਵੇਲੇ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਸਰੂਪ ਦਾ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਜਾਵੇਗਾ। ਇਸ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਵਿਖੇ ਵਿਸ਼ਾਲ ਜਲੂਸ ਨਿਕਲਣਗੇ। ਸ਼ਾਮ ਵੇਲੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਗੁਰਮਤਿ ਸਮਾਗਮ ਹੋਵੇਗਾ ਜਿਸ ਵਿੱਚ ਭਾਈ ਦਵਿੰਦਰ ਸਿੰਘ ਜੀ ਸੁਹਾਣੇ ਵਾਲੇ ਕੀਰਤਨ ਕਰਨਗੇ ਅਤੇ ਗਿਆਨੀ ਸੁੰਦਰ ਸਿੰਘ ਜੀ ਗੁਰਮਤ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।
ਇਸ ਦੇ ਨਾਲ ਕਵੀ ਦਰਬਾਰ ਵੀ ਲਗਾਤਾਰ ਚੱਲੇਗਾ, ਜਿਸ ਵਿੱਚ ਪ੍ਰਸਿੱਧ ਕਵੀ ਗੁਰਬਾਣੀ ਤੇ ਗੁਰਮਤਿ ਸੰਦੇਸ਼ਾਂ ਰਾਹੀਂ ਸੰਗਤ ਨੂੰ ਰਸਾਲਾ ਪਵਿਤਰਤਾ ਨਾਲ ਭਰ ਦੇਣਗੇ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੁਨੀਆ ਭਰ ਦੀ ਸੰਗਤ ਨੂੰ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਗਈਆਂ ਹਨ। ਵਿਦੇਸ਼ਾਂ ਵਿੱਚ ਵਸਦੇ ਸਿੱਖ ਪਰਿਵਾਰਾਂ ਵੱਲੋਂ ਵੀ ਵਿਸ਼ੇਸ਼ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ। ਇਸ ਸਾਰੇ ਸਮਾਰੋਹ ਵਿੱਚ ਆਤਿਸ਼ਬਾਜ਼ੀ ਪ੍ਰਦੂਸ਼ਣ ਰਹਿਤ ਇਲੈਕਟ੍ਰਾਨਿਕ ਤਰੀਕੇ ਨਾਲ ਕੀਤੀ ਜਾ ਰਹੀ ਹੈ ਤਾਂ ਜੋ ਧਰਤੀ ਮਾਤਾ ਦੀ ਸੁਰੱਖਿਆ ਨਾਲ ਵੀ ਸੰਦੇਸ਼ ਜੁੜਿਆ ਰਹੇ।
ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦੇਸ਼ਾਂ ਵਿਦੇਸ਼ਾਂ ‘ਚ ਵੱਸੀ ਨਾਨਕ ਨਾਮ ਲੇਵਾ ਸੰਗਤ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਲੱਖ ਲੱਖ ਵਧਾਈ ਦਿੱਤੀ ਅਤੇ ਗੁਰੂਆਂ ਦੇ ਦਰਸਾਏ ਮਾਰਗ ‘ਤੇ ਚੱਲਣ ਦੀ ਅਪੀਲ ਕੀਤੀ।
Leave a Reply