ਚੰਡੀਗੜ੍ਹ: ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮਾਂ ਨੂੰ ਲੈ ਕੇ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੇ ਦੱਸਿਆ ਕਿ ਇਹ ਸਮਾਗਮ ਵਿਸ਼ੇਸ਼ ਤੌਰ ’ਤੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾਣਗੇ। ਇਸ ਸਬੰਧ ਵਿੱਚ ਭਾਈ ਜੈਤਾ ਜੀ ਨੂੰ ਸਮਰਪਿਤ ਇੱਕ ਮੈਮੋਰੀਅਲ ਵੀ ਤਿਆਰ ਕੀਤਾ ਗਿਆ ਹੈ, ਜਿਸ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰ ਚੁੱਕੇ ਹਨ। ਇਸ ਮੈਮੋਰੀਅਲ ’ਤੇ ਪੰਜਾਬ ਸਰਕਾਰ ਵੱਲੋਂ 20 ਕਰੋੜ ਰੁਪਏ ਖਰਚ ਕੀਤੇ ਗਏ ਹਨ ਅਤੇ ਇਸਨੂੰ ਆਧੁਨਿਕ ਢੰਗ ਨਾਲ ਤਿਆਰ ਕੀਤਾ ਗਿਆ ਹੈ, ਜਿੱਥੇ ਇਤਿਹਾਸ ਨੂੰ ਰੂਬਰੂ ਦਿਖਾਇਆ ਗਿਆ ਹੈ।
ਇਸ ਮੈਮੋਰੀਅਲ ਵਿੱਚ ਕਈ ਗੈਲਰੀਆਂ ਬਣਾਈਆਂ ਗਈਆਂ ਹਨ, ਜਿਵੇਂ ਕਿ ਜੀਵਨ ਗੈਲਰੀ, ਜਿਸ ਵਿੱਚ ਗੁਰੂ ਸਾਹਿਬ ਦੇ ਮਾਤਾ-ਪਿਤਾ ਦੇ ਵਿਆਹ ਅਤੇ ਜਨਮ ਨਾਲ ਜੁੜੀਆਂ ਝਲਕਾਂ ਦਰਸਾਈਆਂ ਗਈਆਂ ਹਨ। ਤੀਜੀ ਗੈਲਰੀ ਵਿੱਚ ਕਸ਼ਮੀਰੀ ਪੰਡਿਤਾਂ ਉੱਤੇ ਹੋਏ ਜੁਲਮਾਂ ਦਾ ਪ੍ਰਦਰਸ਼ਨ ਕੀਤਾ ਗਿਆ ਹੈ ਅਤੇ ਚਾਂਦਨੀ ਚੌਂਕ ਦੀ ਸ਼ਹੀਦੀ ਘਟਨਾ ਬਾਰੇ ਜਾਣਕਾਰੀ ਦਿੱਤੀ ਗਈ ਹੈ। ਚੌਥੀ ਗੈਲਰੀ ਰੰਗਰੇਟਾ ਗੈਲਰੀ ਹੈ, ਜਿਸ ਵਿੱਚ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਸ਼ਿਸ਼ ਭੇਂਟ ਕਰਨ ਅਤੇ ਭਾਈ ਜੈਤਾ ਜੀ ਵੱਲੋਂ ਨਗਾੜਾ ਸਾਹਿਬ ਦੀ ਸ਼ੁਰੂਆਤ ਦਰਸਾਈ ਗਈ ਹੈ।
ਮੰਤਰੀ ਸੌਂਧ ਨੇ ਦੱਸਿਆ ਕਿ ਦੂਜਾ ਸਭ ਤੋਂ ਵੱਡਾ ਪ੍ਰੋਜੈਕਟ ਵੀ ਸ਼ੁਰੂ ਕੀਤਾ ਗਿਆ ਹੈ, ਜਿਸ ਦਾ ਨੀਵ ਪੱਥਰ 5 ਅਕਤੂਬਰ ਨੂੰ ਕਲਚਰ ਵਿਭਾਗ ਵੱਲੋਂ ਰੱਖਿਆ ਗਿਆ। ਇਹ ਪ੍ਰੋਜੈਕਟ 10 ਮਹੀਨਿਆਂ ਵਿੱਚ ਪੂਰਾ ਹੋਵੇਗਾ ਅਤੇ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਇੱਕ ਗਲਿਆਰਾ (ਕੋਰਿਡੋਰ) ਤਿਆਰ ਕੀਤਾ ਜਾਵੇਗਾ, ਜਿਵੇਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੈ।
ਸ਼੍ਰੀ ਅਨੰਦਪੁਰ ਸਾਹਿਬ ਵਿਖੇ ਇਹ ਵਾਈਟ ਸਿਟੀ ਦੇ ਰੂਪ ਵਿੱਚ ਗਲਿਆਰਾ ਬਣਾਇਆ ਜਾਵੇਗਾ, ਜਿਸ ਵਿੱਚ ਸਫ਼ੈਦ ਸੰਗਮਰਮਰ ਅਤੇ ਸਫ਼ੈਦ ਰੰਗ ਦੀ ਵਰਤੋਂ ਕੀਤੀ ਜਾਵੇਗੀ। ਇਹ ਗਲਿਆਰਾ ਮੁੱਖ ਸੜਕ ਤੋਂ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਤੱਕ 580 ਮੀਟਰ ਲੰਬਾ ਹੋਵੇਗਾ ਅਤੇ ਇਸ ’ਤੇ 6 ਦਰਵਾਜ਼ੇ ਬਣਾਏ ਜਾਣਗੇ।
ਮੰਤਰੀ ਸੌਂਧ ਨੇ ਇਹ ਵੀ ਦੱਸਿਆ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ 4 ਯਾਤਰਾਵਾਂ ਕੱਢੀਆਂ ਜਾਣਗੀਆਂ। ਇਹ ਯਾਤਰਾ 19 ਨਵੰਬਰ ਨੂੰ ਸ਼੍ਰੀਨਗਰ ਤੋਂ ਸ਼ੁਰੂ ਹੋ ਕੇ ਸ਼੍ਰੀ ਅਨੰਦਪੁਰ ਸਾਹਿਬ ਤੱਕ 250 ਕਿਲੋਮੀਟਰ ਦਾ ਸਫਰ ਤਹਿ ਕਰੇਗੀ। ਇਸ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀ ਜਾਵੇਗੀ, ਜਿਨ੍ਹਾਂ ਦੇ ਨਾਲ ਸ਼੍ਰੀਨਗਰ ਦੇ ਮੁੱਖ ਮੰਤਰੀ ਅਤੇ ਸੰਤ ਸਮਾਜ ਵੀ ਸ਼ਾਮਲ ਹੋਵੇਗਾ।
Leave a Reply