30 ਰੁਪਏ ਦਿਹਾੜੀ ਤੋਂ 11000 ਕਰੋੜ ਤੱਕ ਦਾ ਸਫ਼ਰ, ਸਿਰਫ਼ 9ਵੀਂ ਪਾਸ, ਰਜਿੰਦਰ ਗੁਪਤਾ ਦੀ ਕਾਮਯਾਬੀ ਦੀ ਕਹਾਣੀ, AAP ਨੇ ਬਣਾਇਆ ਹੈ ਰਾਜ ਸਭਾ ਉਮੀਦਵਾਰ

ਆਮ ਆਦਮੀ ਪਾਰਟੀ ਨੇ ਪੰਜਾਬ ਦੇ ਪ੍ਰਸਿੱਧ ਉਦਯੋਗਪਤੀ ਰਜਿੰਦਰ ਗੁਪਤਾ ਨੂੰ ਰਾਜ ਸਭਾ ਲਈ ਆਪਣਾ ਉਮੀਦਵਾਰ ਐਲਾਨ ਕੀਤਾ ਹੈ, ਰਜਿੰਦਰ ਗੁਪਤਾ ਦੀ ਜਿੱਤ ਲਗਭਗ ਤੈਅ ਮੰਨੀ ਜਾ ਰਹੀ ਹੈ, ਕਿਉਂਕਿ ਪੰਜਾਬ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਦਾ ਭਾਰੀ ਬਹੁਮਤ ਹੈ।

ਆਖਰ ਕੌਣ ਹਨ ਰਜਿੰਦਰ ਗੁਪਤਾ ..

ਰਜਿੰਦਰ ਗੁਪਤਾ ਟ੍ਰਾਇਡੈਂਟ ਗਰੁੱਪ (Trident Group) ਦੇ ਸੰਸਥਾਪਕ ਹਨ। ਫੋਰਬਸ ਮੈਗਜ਼ੀਨ ਦੇ ਅਨੁਸਾਰ, ਉਨ੍ਹਾਂ ਦੀ ਕੁੱਲ ਸੰਪਤੀ ਤਕਰੀਬਨ 1.3 ਬਿਲੀਅਨ ਡਾਲਰ (ਭਾਰਤੀ ਮੁਦਰਾ ਵਿੱਚ ਲਗਭਗ ₹11,050 ਕਰੋੜ) ਹੈ। ਉਨ੍ਹਾਂ ਦੀ ਕੰਪਨੀ ਦੇ ਉਤਪਾਦ 150 ਦੇਸ਼ਾਂ ਵਿੱਚ ਨਿਰਯਾਤ ਕੀਤੇ ਜਾਂਦੇ ਹਨ

ਹਾਲਾਂਕਿ ਅੱਜ ਦੇ ਅਰਬਪਤੀ ਦਾ ਜਨਮ ਪੰਜਾਬ ਦੇ ਇੱਕ ਸਧਾਰਣ ਪਰਿਵਾਰ ਵਿੱਚ ਹੋਇਆ ਸੀ ਅਤੇ ਉਨ੍ਹਾਂ ਦੇ ਪਰਿਵਾਰ ਦਾ ਬਿਜ਼ਨਸ ਨਾਲ ਕੋਈ ਪੁਰਾਣਾ ਸਬੰਧ ਨਹੀਂ ਸੀ

ਸੰਘਰਸ਼ ਤੋਂ ਸਫਲਤਾ ਤੱਕ ਦੀ ਕਹਾਣੀ: 30 ਰੁਪਏ ਦਿਹਾੜੀ, 900 ਰੁਪਏ ਮਹੀਨੇ ਦੀ ਨੌਕਰੀ ਤੋਂ 11 ਹਜ਼ਾਰ ਕਰੋੜ ਦੀ ਕੰਪਨੀ ਤੱਕ ਰਜਿੰਦਰ ਗੁਪਤਾ ਦਾ ਸਫ਼ਰ

ਪਰਿਵਾਰ ਦੀ ਆਰਥਿਕ ਹਾਲਤ ਕਮਜ਼ੋਰ ਹੋਣ ਕਾਰਨ ਰਜਿੰਦਰ ਗੁਪਤਾ ਸਿਰਫ਼ ਨੌਂਵੀ ਜਮਾਤ ਤੱਕ ਹੀ ਪੜ੍ਹ ਸਕੇ। ਛੋਟੀ ਉਮਰ ਵਿੱਚ ਹੀ ਉਨ੍ਹਾਂ ਨੇ ਇਕ ਫੈਕਟਰੀ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ, ਜਿੱਥੇ ਉਨ੍ਹਾਂ ਨੂੰ ਦਿਨ ਦਾ ਕੇਵਲ 30 ਰੁਪਏ, ਅਰਥਾਤ ਮਹੀਨੇ ਦਾ 900 ਰੁਪਏ ਤਨਖ਼ਾਹ ਮਿਲਦੀ ਸੀ, ਪਰ ਰਜਿੰਦਰ ਗੁਪਤਾ ਨੇ ਹੌਸਲਾ ਨਹੀਂ ਹਾਰਿਆ। ਉਨ੍ਹਾਂ ਦੇ ਮਨ ਵਿੱਚ ਕੁਝ ਵੱਡਾ ਕਰਨ ਦਾ ਜਜ਼ਬਾ ਸੀ ਅਤੇ ਆਪਣੇ ਸੁਪਨੇ ਨੂੰ ਸੱਚ ਕਰਨ ਲਈ ਦਿਨ-ਰਾਤ ਮਿਹਨਤ ਕੀਤੀ।

1985 ਵਿੱਚ ਸ਼ੁਰੂ ਕੀਤਾ ਖਾਦਾਂ ਦਾ ਕਾਰੋਬਾਰ

ਕਈ ਸਾਲਾਂ ਦੀ ਮਿਹਨਤ ਤੋਂ ਬਾਅਦ, ਰਜਿੰਦਰ ਗੁਪਤਾ ਨੇ ਕੁਝ ਪੈਸਾ ਜੋੜਿਆ ਅਤੇ 1985 ਵਿੱਚ ਖਾਦਾਂ ਦਾ ਕਾਰੋਬਾਰ ਸ਼ੁਰੂ ਕੀਤਾ। ਉਨ੍ਹਾਂ ਨੇ “ਅਭਿਸ਼ੇਕ ਇੰਡਸਟ੍ਰੀਜ਼” ਦੇ ਨਾਂ ‘ਤੇ ਆਪਣੀ ਪਹਿਲੀ ਫਰਟੀਲਾਈਜ਼ਰ ਕੰਪਨੀ ਬਣਾਈ, ਇੱਥੋਂ ਹੀ ਉਨ੍ਹਾਂ ਦੀ ਉਦਯੋਗਿਕ ਯਾਤਰਾ ਦੀ ਸ਼ੁਰੂਆਤ ਹੋਈ, ਜੋ ਅੱਗੇ ਚੱਲ ਕੇ ਟ੍ਰਾਇਡੈਂਟ ਗਰੁੱਪ ਦੇ ਰੂਪ ਵਿੱਚ ਵਿਕਸਿਤ ਹੋਈ, ਇਸ ਕਾਰੋਬਾਰ ਤੋਂ ਉਨ੍ਹਾਂ ਨੂੰ ਵੱਡੀ ਸਫਲਤਾ ਮਿਲੀ।

1991 ਵਿੱਚ, ਗੁਪਤਾ ਨੇ ਇਕ ਸਾਂਝੇ ਉੱਦਮ ਦੇ ਤੌਰ ‘ਤੇ ਕਤਾਈ ਮਿੱਲ (Spinning Mill) ਦੀ ਸਥਾਪਨਾ ਕੀਤੀ, ਜੋ ਕਾਫ਼ੀ ਸਫਲ ਸਾਬਤ ਹੋਈ। ਇਸ ਤੋਂ ਬਾਅਦ ਉਨ੍ਹਾਂ ਦਾ ਕਾਰੋਬਾਰ ਕੱਪੜੇ, ਕਾਗਜ਼ ਅਤੇ ਰਸਾਇਣਾਂ ਦੇ ਖੇਤਰਾਂ ਵਿੱਚ ਵੀ ਫੈਲ ਗਿਆ, ਟ੍ਰਾਇਡੈਂਟ ਨੇ ਪੰਜਾਬ ਅਤੇ ਮੱਧ ਪ੍ਰਦੇਸ਼ ਵਿੱਚ ਉਤਪਾਦਨ ਕੇਂਦਰ ਸਥਾਪਤ ਕੀਤੇ ਅਤੇ ਇਹ ਉੱਤਰੀ ਭਾਰਤ ਦੇ ਉਦਯੋਗਿਕ ਵਿਕਾਸ ਦਾ ਪ੍ਰਤੀਕ ਬਣ ਗਿਆ।

150 ਦੇਸ਼ਾਂ ਵਿੱਚ ਟ੍ਰਾਇਡੈਂਟ ਦਾ ਨਾਮ

ਅੱਜ ਟ੍ਰਾਇਡੈਂਟ ਗਰੁੱਪ ਦੁਨੀਆ ਭਰ ਵਿੱਚ ਹੋਮ ਟੈਕਸਟਾਈਲ ਅਤੇ ਪੇਪਰ ਮੈਨੂਫੈਕਚਰਿੰਗ ਖੇਤਰ ਦੀ ਅਗਵਾਈ ਕਰਨ ਵਾਲੀ ਕੰਪਨੀ ਹੈ। ਇਸ ਦੇ ਤੌਲੀਆ ਅਤੇ ਬੈੱਡਸ਼ੀਟ ਉਤਪਾਦ ਸਭ ਤੋਂ ਵੱਧ ਵਿਕਣ ਵਾਲੇ ਮੰਨੇ ਜਾਂਦੇ ਹਨ।

ਪੰਜਾਬ ਦੇ ਕਈ ਬਿਜ਼ਨਸ ਸਕੂਲਾਂ ਵਿੱਚ ਰਜਿੰਦਰ ਗੁਪਤਾ ਦੀ ਸਫਲਤਾ ਨੂੰ ਕੇਸ ਸਟਡੀ ਵਜੋਂ ਪੜ੍ਹਾਇਆ ਜਾਂਦਾ ਹੈ। ਅੱਜ ਟ੍ਰਾਇਡੈਂਟ ਦੀਆਂ ਫੈਕਟਰੀਆਂ ਪੰਜਾਬ ਅਤੇ ਮੱਧ ਪ੍ਰਦੇਸ਼ ਦੋਵੇਂ ਥਾਵਾਂ ‘ਤੇ ਚੱਲ ਰਹੀਆਂ ਹਨ, ਅਤੇ ਗੁਪਤਾ ਦੀ ਦੂਰਦਰਸ਼ੀ ਸੋਚ ਨੇ ਉਨ੍ਹਾਂ ਨੂੰ ਦੇਸ਼ ਦੇ ਸਭ ਤੋਂ ਸਫਲ ਉਦਯੋਗਪਤੀਆਂ ਦੀ ਸੂਚੀ ਵਿੱਚ ਸ਼ਾਮਲ ਕਰ ਦਿੱਤਾ ਹੈ।

ਰਜਿੰਦਰ ਗੁਪਤਾ ਨੇ 2022 ਵਿੱਚ ਟ੍ਰਾਇਡੈਂਟ ਗਰੁੱਪ ਦੇ ਚੇਅਰਮੈਨ ਪਦ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਹ ਪਹਿਲਾਂ ਪੰਜਾਬ ਪਲਾਨਿੰਗ ਕਮਿਸ਼ਨ ਦੇ ਵਾਈਸ ਚੇਅਰਮੈਨ ਵੀ ਰਹਿ ਚੁੱਕੇ ਹਨ।

ਰਜਿੰਦਰ ਗੁਪਤਾ ਇੱਕ ਪ੍ਰਸਿੱਧ ਉਦਯੋਗਪਤੀ ਹੋਣ ਦੇ ਨਾਲ-ਨਾਲ ਸਮਾਜ ਸੇਵੀ ਵੀ ਹਨ। ਉਨ੍ਹਾਂ ਨੇ ਸਿੱਖਿਆ, ਸਿਹਤ ਸੇਵਾਵਾਂ ਅਤੇ ਗਰੀਬਾਂ ਦੀ ਭਲਾਈ ਲਈ ਮਹੱਤਵਪੂਰਣ ਯੋਗਦਾਨ ਦਿੱਤਾ ਹੈ।

Leave a Reply

Your email address will not be published. Required fields are marked *